ਦਾਮਿਨੀ.......... ਨਜ਼ਮ/ਕਵਿਤਾ / ਬਿੱਟੂ ਖੰਗੂੜਾ

ਇਕ ਲਈ ਉਠੇ ਹਜ਼ਾਰਾਂ ਨੇ ਹੱਥ
ਹਜ਼ਾਰਾਂ ਹੀ ਖਬਰਾਂ, ਹਜ਼ਾਰਾਂ ਹੀ ਕਿੱਸੇ ਸੀ
ਜਦੋਂ ਟਾਇਰਾਂ ‘ਚ ਬਲਦੇ ਸੀ ਮਨੁੱਖ
ਮੋਮਬੱਤੀਆ ਜਗਾਉਣ ਵਾਲੇ ਜਨਾਬ ਕਿੱਥੇ ਸੀ
ਜੋ ਰਾਤੋ ਰਾਤ ਟੰਗ ਦਿੰਦੇ ਨੇ ਫਾਹੇ
ਏਨੇ ਸਾਲਾਂ ਤੋਂ ਉਹ ਜਲਾਦ ਕਿੱਥੇ ਸੀ
ਜਦੋਂ ਸੂਰਜਾਂ ਨੂੰ ਚੁੱਕ ਲੈਂਦੇ ਸੀ ਹਨੇਰੇ
ਚੰਨ ਵਰਗੇ ਉਦੋਂ ਇਹ ਮਹਿਤਾਬ ਕਿੱਥੇ ਸੀ
ਜਦੋਂ ਆਮ ਆਦਮੀ ਹਿਰਾਸਤ ‘ਚ ਸੀ ਮਰਦਾ
ਮਰਨ ਵਰਤ ਰੱਖ ਕੇ ਜਿਉਂਦੇ ਜਾਲਸਾਜ਼ ਕਿੱਥੇ ਸੀ
ਜਦੋਂ ਲਾਸ਼ਾਂ ਦੇ ਵੱਟੇ ਤਰੱਕੀਆਂ ਸੀ ਮਿਲੀਆਂ
ਨਵੇਂ ਕਾਨੂੰਨਾਂ ਦੇ ਕਾਨੂੰਨਸਾਜ਼ ਕਿੱਥੇ ਸੀ
ਵਿਧਵਾ ਮਾਂ ਦਾ ਪੁੱਤ ਜਦੋਂ ਘਰ ਨਾ ਸੀ ਮੁੜਿਆ
ਉਦੋਂ ਵੋਟਾਂ ਭੁਗਤਾਉਣ ਵਾਲੇ ਬੇਲਿਹਾਜ਼ ਕਿੱਥੇ ਸੀ
ਇੱਕ ਰੁੱਖ ਵੱਟੇ ਹਜ਼ਾਰਾਂ ਕਰੂੰਬਲਾਂ ਦਾ ਬਲਾਤਕਾਰ
ਉਦੋ ਬੁੱਧੀਜੀਵੀ ਜ਼ਮੀਰਾਂ ਦੀ ਅਵਾਜ਼ ਕਿੱਥੇ ਸੀ
ਜਦੋ ਸਾਹਮਣੇ ਅੱਖਾਂ ਦੇ ਪੈਂਦੀਆਂ ਸੀ ਚੀਕਾਂ
ਵਾਰਿਸ ਨੂੰ ਜਗਾਉਣ ਵਾਲੀ ਪਰਵਾਜ਼ ਕਿੱਥੇ ਸੀ
ਫਾਂਸੀਆਂ ਲਈ ਜਦੋਂ ਹੋਇਆ ਸੀ ਹੁਕਮ
ਕਾਲ ਕੋਠੜੀ ਦੇ ਵੀਹ ਵਰ੍ਹਿਆਂ ਦਾ ਹਿਸਾਬ ਕਿੱਥੇ ਸੀ
ਬਿੱਟੂ ਹਜ਼ਾਰਾਂ ਜਦੋਂ ਰੁਲੀਆਂ ਸੀ ਇਜ਼ਤਾਂ
ਕਵਿਤਾਵਾਂ ਗਾਉਣ ਵਾਲੇ ਇਹ ਜਾਂਬਾਜ਼ ਕਿੱਥੇ ਸੀ

****

No comments: