ਵੁਲਵਰਹੈਂਪਟਨ ਵਿਖੇ ਇਕ ਸਾਹਿਤਕ ਮੇਲਾ ਕਰਵਾਇਆ ਗਿਆ। ਅਜਿਹਾ ਮੇਲਾ ਵਲੈਤ ਵਿਚ ਪਹਿਲੀ ਵਾਰ ਹੋਇਆ ਹੈ, ਜਿਸ ਵਿਚ ਦੁਨੀਆਂ ਭਰ ਦੇ ਨਵੇਂ ਪੁਰਾਣੇ ਸਾਹਿਤਕਾਰਾਂ ਦੇ ਖੂਬਸੂਰਤ ਸ਼ੇਅਰਾਂ ਦੇ ਨਾਲ ਨਾਲ ਉਨ੍ਹਾਂ ਦੀਆਂ ਤਸਵੀਰਾਂ ਨੂੰ ਕੰਧਾਂ ਉਪਰ ਲਟਕਾਇਆ ਗਿਆ। ਜਿਨ੍ਹਾਂ ਨੂੰ ਵੇਖ ਪੜ੍ਹ ਕੇ ਪੁਰਾਣੀਆਂ ਯਾਦਾਂ ਦੇ ਨਾਲ ਨਾਲ ਸਾਡੇ ਰਹਿਨੁਮਾ ਸ਼ਾਇਰਾਂ ਦਾ ਚੇਤਾ ਆ ਰਿਹਾ ਸੀ। ਹਾਜ਼ਰ ਸਾਹਿਤਕਾਰ ਕੰਧਾਂ ਉਪਰ ਟੰਗੀਆਂ ਤਸਵੀਰਾਂ ਵਾਲੇ ਸਾਹਿਤਕਾਰਾਂ ਦੀ ਕਈ ਤਰ੍ਹਾਂ ਦੀ ਆਲੋਚਨਾ ਕਰ ਰਹੇ ਸੁਣਾਈ ਦਿਤੇ। ਦਲਜੀਤ ਸਿੰਘ ਉੱਪਲ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਾਈ ਗਈ। ਪ੍ਰਧਾਨਗੀ ਮੰਚ ਉਪਰ ਕਿਰਪਾਲ ਸਿੰਘ ਪੂਨੀ, ਡਾ: ਰਤਨ ਰੀਹਲ, ਚੰਨ ਜੰਡਿਆਲਵੀ, ਕੌਂਸਲਰ ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ ਸੁਸ਼ੋਭਿਤ ਹੋਏ। ਸਟੇਜ ਦਾ ਸੰਚਾਲਨ ਭੂਪਿੰਦਰ ਸੱਗੂ ਨੇ ਬਾਖੂਬੀ ਨਿਭਾਇਆ।
ਸਮਾਗਮ ਦੇ ਪਹਿਲੇ ਹਿੱਸੇ ਵਿਚ ਵਿਦਵਾਨਾਂ ਨੇ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਵਸ ਦੀ ਮਹਤੱਤਾ ਨੂੰ ਦਰਸਾਉਂਦਿਆਂ ਪੰਜਾਬੀ ਦੀ ਚੜ੍ਹਦੀ ਕਲਾ ਬਾਰੇ ਆਸਾਂ ਲਾਈਆਂ। ਸੱਤਵੇ ਦਹਾਕੇ ਵਿਚ ਵਲੈਤ ਵਿਚ ਬੋਲੀ ਜਾਣ ਵਾਲੀ ਪੰਜਾਬੀ ਤੇਰਵੀਂ ਜ਼ਬਾਨ ਸੀ ਪਰ ਵਰਤਮਾਨ ਵਿਚ ਵਲੈਤ ਵਿਚ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਪੰਜਾਬੀ ਤੀਸਰੇ ਨੰਬਰ ਉਪਰ ਹੈ। ਪੰਜਾਬ ਪਰਦੇਸ਼ ਵਿਚ ਹੋਰਾਂ ਪਰਦੇਸਾਂ ਵਿਚੋਂ ਆ ਵਸੇ ਲੋਕ ਵੀ ਪੰਜਾਬੀ ਬੋਲਣ ਲੱਗੇ ਹਨ। ਉਹ ਪੰਜਾਬੀ ਪਹਿਰਾਵਾਂ ਪਹਿਨਦੇ ਅਤੇ ਪੰਜਾਬ ਵਿਚ ਸਥਾਪਤ ਵਿਸ਼ਵਾਸ਼ਾਂ ਦੇ ਧਾਰਨੀ ਹੋ ਰਹੇ ਹਨ। ਗੱਲ ਕੀ ਦੁਨੀਆਂ ਵਿਚ ਪੰਜਾਬੀ ਬੋਲੀ ਦਾ ਬੋਲ ਬਾਲਾ ਹੋ ਗਿਆ ਹੈ। ਪੰਜਾਬੀ ਦੇ ਅਲਫਾਬੈਟ ਨੂੰ ਅੰਗਰੇਜ਼ੀ ਦੇ ਅਲਫਾਬੈਟ ਨਾਲੋਂ ਸੰਪੂਰਨ ਅਲਫਾਬੈਟ ਕਿਹਾ ਗਿਆ ਹੈ। ਸਾਰੀ ਦੁਨੀਆਂ ਵਿਚ ਪੰਜਾਬੀ ਵਸੇ ਹੋਏ ਹਨ। ਪੰਜਾਬੀਆਂ ਦੀ ਹਰ ਖੇਤਰ ਵਿਚ ਲੋੜ ਕਰਕੇ ਪੰਜਾਬੀ ਬੋਲੀ ਦੀ ਸਾਰੀ ਦੁਨੀਆਂ ਵਿਚ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸੇ ਕਰਕੇ ਪੰਜਾਬੀ ਬੋਲੀ ਦਾ ਸਾਰੇ ਸੰਸਾਰ ਵਿਚ ਭਵਿੱਖ ਉਜਲਾ ਹੈ। ਦੂਸਰਾ ਮਸਲਾ ‘ਲੱਚਰ ਗੀਤਾਂ’ ਬਾਰੇ ਸੀ। ਲੱਚਰ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਹੈ। ਇਹ ਸ਼ਬਦ ਮਹਾਨ ਕਵੀ ‘ਜੌਫਰੇ ਚੌਸਰ’ ਨੇ ਚੌਧਵੀਂ ਸਦੀ ਵਿਚ ਕਿਸੇ ਵਿਅਕਤੀ ਦਾ ਕਾਵਿ-ਚਿਤਰ ਲਿਖਣ ਲੱਗਿਆਂ ਪਹਿਲੀ ਵਾਰ ਵਰਤਿਆ ਸੀ। ਇਸ ਕਾਵਿ-ਚਿਤਰ ਵਿਚ ਵਿਅਕਤੀ ਦੇ ਭੱਦੇ ਸਰੀਰ, ਭੱਦੀ ਬੋਲ-ਬਾਣੀ ਅਤੇ ਭੱਦੇ ਕਿਰਦਾਰ ਦਾ ਖੁਲਾਸਾ ਕੀਤਾ ਸੀ। ਵਿਦਵਾਨਾਂ ਨੇ ਲੱਚਰ ਗੀਤ ਗਾਉਂਣ ਵਾਲੇ ਗਾਇਕਾਂ ਦੀ ਰੱਜ ਕੇ ਨਿੰਦਾਂ ਕੀਤੀ ਅਤੇ ਗੀਤਕਾਰਾਂ ਨੂੰ ਸਮਾਜਕ, ਸੱਭਿਆਚਾਰਕ ਅਤੇ ਇਨਕਲਾਬੀ ਗੀਤ ਲਿਖਣ ਵਾਸਤੇ ਉਤਸ਼ਾਹਤ ਕੀਤਾ ਗਿਆ। ਲੱਚਰ ਗੀਤਾਂ ਦੀ ਪਰਿਭਾਸ਼ਾ ਦਸਦਿਆਂ ਵਿਦਵਾਨਾਂ ਨੇ ਕਿਹਾ ਕਿ ਸਮਾਜਿਕ ਅਤੇ ਸੱਭਿਆਚਾਰਕ ਸਥਾਪਤ ਇਕਾਈਆਂ ਦੀ ਸੀਮਾਂ ਪਾਰ ਕਰਨ ਵਾਲੇ ਗੀਤਾਂ ਨੂੰ ਲੱਚਰ ਗੀਤ ਕਿਹਾ ਜਾਂਦਾ ਹੈ। ਤੀਸਰੀ ਸਮੱਸਿਆ ਵਲੈਤ ਵਿਚ ਵਖੋ ਵੱਖਰੀਆਂ ਸਾਹਿਤਕ ਸਭਾਵਾਂ ਬਾਰੇ ਵਿਚਾਰੀ ਗਈ। ਕੇਂਦਰੀ ਪੰਜਾਬੀ ਸਾਹਿਤ ਸਭਾ ਯੂ ਕੇ ਬਣਾਉਂਣ ਵਾਸਤੇ ਮੈਂਬਰਸ਼ਿਪ ਸ਼ੁਰੂ ਕੀਤੀ ਗਈ। ਜਦ ਵਲੈਤ ਵਸਦੇ ਸਾਰੇ ਸਾਹਿਤਕਾਰ ਮੈਂਬਰ ਬਣ ਜਾਣਗੇ ਤਾਂ ਫਿਰ ਸਭਾ ਦੀ ਇਕ ਕਮੇਟੀ ਬਣਾਈ ਜਾਵੇਗੀ ਅਤੇ ਕਮੇਟੀ ਅਗੋਂ ਸਭਾ ਦੀ ਰੂਪ ਰੇਖਾ ਤਿਆਰ ਕਰੇਗੀ। ਮੈਂਬਰਸ਼ਿਪ ਬਣਾਉਂਣ ਵਾਸਤੇ ਵਲੈਤ ਵਿਚ ਵਸਦੇ ਹਰ ਸਾਹਿਤਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡਾ: ਰਤਨ ਰੀਹਲ ਨਾਲ ਸੰਪਰਕ ਕਰਨ। ਪ੍ਰਕਾਸ਼ ਸਿੰਘ ਆਜ਼ਾਦ (ਸਾਂਝਾ ਸੀ ਡੀ ਮੁਫਤ ਵੰਡਣ ਵਾਲੇ), ਇੰਦਰਜੀਤ ਸਿੰਘ ਜੀਤ, ਕਿਰਪਾਲ ਪੂਨੀ, ਮਨਜੀਤ ਕਮਲਾ, ਕੇਵਲ ਸਿੰਘ ਅਨੰਦ, ਸੁਰਜੀਤ ਸਿੰਘ ਖਾਲਸਾ, ਡਾ: ਰਤਨ ਰੀਹਲ, ਕੌਂਸਲਰ ਇਲਿਆਸ ਮੱਟੂ, ਕੌਂਸਲਰ ਅਰਣ ਫੋਟੇ, ਸੁਰਿੰਦਰਪਾਲ ਸਿੰਘ, ਮਹਿੰਦਰ ਦਿਲਬਰ, ਲੱਖਾ ਸਿੰਘ, ਅਮਰੀਕ ਸਿੰਘ ਧੌਲ, ਮਨਮੋਹਨ ਸਿੰਘ ਮਹੇੜੂ (ਪੰਜਬੀਅਤ ਨੂੰ ਦਰਸਾਉਂਦਿਆਂ ਆਪਣੇ ਸਪੁੱਤਰ ਦੀਆਂ ਉਦਾਹਰਣਾਂ ਦਿਤੀਆਂ) ਅਤੇ ਭੂਪਿੰਦਰ ਸੱਗੂ ਪਹਿਲੇ ਭਾਗ ਵਿਚ ਬੁਲਾਰਿਆਂ ਦੇ ਰੂਪ ਵਿਚ ਹਾਜ਼ਰ ਹੋਏ। ਕੌਂਸਲਰ ਇਲਿਆਸ ਮੱਟੂ ਅਤੇ ਕੌਂਸਲਰ ਅਰਣ ਫੋਟੇ ਦੇ ਨਾਲ ਨਾਲ ਅਗੇ ਲਿਖੇ ਕਵਿਤਾ ਪੜ੍ਹਨ ਵਾਲੇ ਕਵੀਆਂ ਨੂੰ 2ਆਰਜ਼ ਵਲੋਂ ਟਰਾਫੀਆਂ ਦੇ ਕੇ ਸਨਮਾਨਤ ਵੀ ਕੀਤਾ ਗਿਆ। ਚੰਨਜੰਡਿਆਲਵੀ, ਜੰਡੂਲਿੱਤਰਾਂਵਾਲਾ, ਮਨਜੀਤ ਸਿੰਘ ਕਮਲਾ, ਤੇਜ਼ਕੋਟਲੇਵਾਲਾ, ਹੀਰਾ ਲਾਲ ਥਾਪਰ, ਕਿਰਪਾਲ ਸਿੰਘ ਪੂਨੀ, ਸੁਰਿੰਦਰਪਾਲ ਸਿੰਘ, ਸੁਰਿੰਦਰ ਗਾਖ਼ਲ, ਭੂਪਿੰਦਰ ਸਿੰਘ ਸੱਗੂ, ਤਾਰਾ ਸਿੰਘ ਤਾਰਾ, ਡਾ: ਰਤਨ ਰੀਹਲ, ਪ੍ਰਕਾਸ਼ ਸਿੰਘ ਆਜ਼ਾਦ, ਦਲਜੀਤ ਸਿੰਘ ਉੱਪਲ, ਸੁਰਜੀਤ ਸਿੰਘ ਖਾਲਸਾ, ਕ੍ਰਿਸ਼ਨ ਕੁਮਾਰ ਚੌਹਾਨ, ਜਗੀਰ ਸਿੰਘ ਦੁਦਰਾ, ਮਹਿੰਦਰ ਦਿਲਬਰ, ਪਰਮਿੰਦਰ ਸਿੱਧੂ, ਸੁਰਿੰਦਰ ਸਲੀਮ, ਅਮਰੀਕ ਸਿੰਘ ਧੌਲ, ਕੇਵਲ ਸਿੰਘ ਅਨੰਦ, ਜਸਪਾਲ ਸਿੰਘ, ਪ੍ਰਦੀਪ ਸਿੰਘ ਬਾਸੀ, ਕਮਲਜੀਤ ਬੈਂਸ, ਇੰਦਰਜੀਤ ਸਿੰਘ ਜੀਤ, ਕੁਲਦੀਪ ਸਿੰਘ (ਦੀਪਾ ਸੈਰ), ਸੇਵਾ ਸਿੰਘ, ਤੇਜਪਾਲ ਸਿੰਘ ਅਟਵਾਲ, ਗਿਆਨ ਬਿਕਟਰ, ਬੀ ਐਸ ਬੈਂਸ, ਲੱਖਾ ਸਿੰਘ, ਦਿਲਦਾਰ ਫੋਟੇ ਅਤੇ ਸੋਹਨ ਸਿੰਘ ਸੋਨੀ ਆਦਿ।
ਅੰਤ ਵਿਚ ਗੁਰੂ ਦੇ ਲੰਗਰ ਵਰਗਾ ਸਭ ਨੂੰ ਖਾਣਾ ਵਰਤਾਇਆ ਗਿਆ। ਇਸ ਪਿਰਤ ਦੀ ਸਭ ਨੇ ਸ਼ਲਾਘਾ ਕੀਤੀ।
****
No comments:
Post a Comment