ਸਾਹਿਤਕ ਸੰਸਥਾ ਲਿਟਰੇਰੀ ਫ਼ੋਰਮ ਫ਼ਰੀਦਕੋਟ ਵਲੋਂ ਇੱਕ ਸਾਹਿਤਕ ਇਕੱਤਰਤਾ ‘ਅਦਬੀ ਮਹਿਫਿ਼ਲ’ ਦਾ ਆਯੋਜਨ ਕੀਤਾ ਗਿਆ। ਇਸ ਗ਼ੈਰ ਰਸਮੀ ਮਹਿਫਿ਼ਲ ਵਿਚ ਵੱਖ ਸਾਹਿਤਕ ਸੱਭਿਆਚਾਰਕ ਖੇਤਰਾਂ ਵਿਚ ਸਰਗਰਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਾਹਿਤ ਦੇ ਵੱਖ-ਵੱਖ ਮਸਲਿਆਂ ਤੇ ਵਿਚਾਰਾਂ ਦੇ ਨਾਲ਼-ਨਾਲ਼ ਕਵਿਤਾ ਅਤੇ ਗਾਇਨ ਦੀ ਪੇਸ਼ਕਾਰੀ ਵੀ ਬੜੀ ਖ਼ੂਬਸੂਰਤੀ ਨਾਲ਼ ਹੋਈ। ਲਿਟਰੇਰੀ ਫੋ਼ਰਮ ਦੇ ਪ੍ਰਧਾਨ ਸੁਨੀਲ ਚੰਦਿਆਣਵੀ ਨੇ ਸੱਭ ਨੂੰ ਜੀ ਆਇਆਂ ਆਖਿਆ। ਸਮਾਗਮ ਦਾ ਸੰਚਾਲਨ ਕਰਦਿਆਂ ਮਨਜੀਤ ਪੁਰੀ ਨੇ ਸ਼ਾਇਰ ਹਰਪ੍ਰੀਤ ਹਰਫ਼ ਦੀ ਭਾਵਪੂਰਤ ਕਵਿਤਾ ਨਾਲ਼ ਮਹਿਫਿ਼ਲ ਦਾ ਆਗਾਜ਼ ਕੀਤਾ।
ਸਭਾ ਵਿਚ ਵਿਸ਼ੇਸ਼ ਤੌਰ ‘ਤੇ ਹਾਜਿ਼ਰ ਸ਼ਾਇਰ ਕੁਮਾਰ ਜਗਦੇਵ ਨੇ ਅਪਣੀਆਂ ਚੋਣਵੀਆਂ ਨਜ਼ਮਾਂ ਨਾਲ਼ ਹਾਜ਼ਰ ਸ੍ਰੋਤਿਆਂ ਨੂੰ ਜਜ਼ਬਾਤੀ ਕਰ ਦਿੱਤਾ। ਸੁਖਵਿੰਦਰ ਸਾਈਂ,ਨਿਰਮੋਹੀ ਫ਼ਰੀਦਕੋਟੀ, ਮਨਦੀਪ ਮਿੰਟਾ ਨੇ ਵੀ ਆਪਣੀਆਂ ਕਾਵਿ ਵੰਨਗੀਆਂ ਪੇਸ਼ ਕੀਤੀਆਂ। ਉਰਦੂ ਦੇ ਸ਼ਾਇਰ ਤੇ ਗ਼ਜ਼ਲ ਗਾਇਕ ਪ੍ਰੋ. ਰਾਜੇਸ਼ ਮੋਹਨ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਹਰਿੰਦਰ ਸੰਧੂ, ਗ਼ਜ਼ਲ ਗਾਇਕ ਵਿਜੈ ਦੇਵਗਨ ਨੇ ਆਪਣੇ ਗੀਤਾਂ ਤੇ ਗ਼ਜ਼ਲਾਂ ਰਾਹੀਂ, ਸੁਰ ਤੇ ਸ਼ਬਦ ਦੇ ਸੁਮੇਲ ਨੂੰ ਬੜੇ ਖ਼ੂਬਸੂਰਤ ਤਰੀਕੇ ਨਾਲ਼ ਪੇਸ਼ ਕਰਕੇ ਮਹੌਲ ਸੁਰਮਈ ਬਣਾਈ ਰੱਖਿਆ। ਇਸ ਮੌਕੇ ਹਾਜ਼ਰ ਜਗਜੀਤ ਸਿੰਘ ਚਾਹਲ, ਅਸਿ. ਡਾਇਰੈਕਟਰ, ਗੁਰਚਰਨ ਸਿੰਘ, ਤੇਜੀ ਜੌੜਾ, ਜਸਵਿੰਦਰ ਮਿੰਟੂ, ਜਸਵੀਰ ਸਿੰਘ, ਰਾਜਪਾਲ ਸਿੰਘ ਹਰਦਿਆਲੇਆਣਾ, ਡਾ. ਗਗਨਪ੍ਰੀਤ ਸਿੰਘ, ਸੁਨੀਲ ਵਾਟਸ, ਪਰਗਟ ਸਿੰਘ ਪੱਖੀ ਨੇ ਵੱਖ-ਵੱਖ ਮੌਕੇ ‘ਤੇ ਆਪਣੇ ਵਿਚਾਰ ਰੱਖੇ।
****
No comments:
Post a Comment