(ਭਾਗ-5) (ੲ)
ਹੇਠਾਂ ਲਿਖੀਆਂ ਪੰਕਤੀਆਂ ਵਿੱਚ ਕਾਵਿ ਤੋਲਿ ਕਾਰਨ
ਸ਼ਬਦ ‘ਬਲਿਹਾਰੈ’ (ਜੋ ਗੁਰਬਾਣੀ ਵਿੱਚ 52 ਵਾਰ ਦਰਜ ਹੈ), ਤੋਂ ‘ਬਲਿਹਾਰੀ’ ਸ਼ਬਦ ਬਣਤਰ ਬਣ ਗਈ ਹੈ।
ਹਉ ਤਾ ਕੈ ‘ਬਲਿਹਾਰੀ’ ॥ ਜਾ ਕੈ ਕੇਵਲ ਨਾਮੁ ‘ਅਧਾਰੀ’ ॥ (ਮ: ੫/੨੦੭), ਤਿਸੁ ਸੇਵਕ ਕੈ ਹਉ ‘ਬਲਿਹਾਰੀ’; ਜੋ ਅਪਨੇ ਪ੍ਰਭ ਭਾਵੈ ॥ (ਮ: ੫/੪੦੩), ਹਰਿ ਬਿਨੁ ਜੀਅਰਾ ਰਹਿ ਨ ਸਕੈ; ਜਿਉ ਬਾਲਕੁ ਖੀਰ ‘ਅਧਾਰੀ’॥ ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ; ਅਪੁਨੇ ਸਤਿਗੁਰ ਕੈ ‘ਬਲਿਹਾਰੀ’॥ (ਮ:੪/੫੦੬), ਇਹੁ ਮਨੁ ਸੰਤਨ ਕੈ ‘ਬਲਿਹਾਰੀ’ ॥ ਜਾ ਕੀ ਓਟ ਗਹੀ ਸੁਖੁ ਪਾਇਆ, ਰਾਖੇ ਕਿਰਪਾ ‘ਧਾਰੀ’ ॥ (ਮ: ੫/੮੮੯), ਨਾਨਕ! ਤਿਨ ਕੈ ਸਦ ‘ਬਲਿਹਾਰੀ’; ਜਿਨ ਏਕ ਸਬਦਿ ਲਿਵ ਲਾਈ ॥ (ਮ: ੧/੮੭੯), ਉਸਤਤਿ ਕਹਨੁ ਨ ਜਾਇ ‘ਤੁਮਾਰੀ’, ਕਉਣੁ ਕਹੈ ਤੂ ਕਦ ਕਾ॥ ਨਾਨਕ! ਦਾਸੁ ਤਾ ਕੈ ‘ਬਲਿਹਾਰੀ’; ਮਿਲੈ ਨਾਮੁ ਹਰਿ ਨਿਮਕਾ ॥ (ਮ: ੫/੧੧੧੭), ਤਿਸੁ ਗੁਰ ਕੈ ਜਾਈਐ ‘ਬਲਿਹਾਰੀ’; ਸਦਾ ਸਦਾ ਹਉ ਵਾਰਿਆ॥ (ਮ: ੫/੧੨੧੮), ਤਿਸੁ ਗੁਰ ਕੈ ਜਾਈਐ ਬਲਿਹਾਰੀ; ਸਦਾ ਸਦਾ ਹਉ ਵਾਰਿਆ ॥ (ਮ: ੫/੧੨੧੮),
ਹਰਿ ਕੀਰਤਿ ਕਲਜੁਗ ਵਿਚਿ ਊਤਮ, ਮਤਿ ਗੁਰਮਤਿ ਕਥਾ ਭਜੰਤੀ ॥ ਜਿਨਿ ਜਨਿ ਸੁਣੀ, ਮਨੀ ਹੈ ਜਿਨਿ ਜਨਿ; ਤਿਸੁ ਜਨ ਕੈ ਹਉ ਕੁਰਬਾਨੰਤੀ ॥ (ਮ: ੪/੯੭੭), ਸੋਈ ਭਗਤੁ ਸੁਘੜੁ ਸੁੋਜਾਣਾ ॥ ਨਾਨਕੁ ਤਿਸ ਕੈ
ਸਦ ਕੁਰਬਾਣਾ ॥ (ਮ: ੩/੧੩੩੫) (ਇਨ੍ਹਾਂ ਉਪਰੋਕਤ ਪੰਕਤੀਆਂ ਵਿੱਚ ਅਗਰ ਕਾਵਿ ਤੋਲਿ ਨਾ ਹੁੰਦਾ ਤਾਂ
ਸ਼ਬਦ ‘ਕੁਰਬਾਣੈ’ ਹੋਣਾ ਸੀ; ਜਿਵੇਂ: ‘‘ਨਾਨਕ ਦਾਸ ਤਾ ਕੈ ‘ਕੁਰਬਾਣੈ’ ॥ (ਮ:੫/੨੩੭), ਤਿਸੁ ਸਾਹਿਬ ਕੈ ਹਉ ‘ਕੁਰਬਾਣੈ’ ॥’’ (ਮ:੪/੧੦੭੦), ਜਉ ਪੈ ਰਾਮ ਰਾਮ ਰਤਿ ਨਾਹੀ ॥ ਤੇ ਸਭਿ ਧਰਮ ਰਾਇ
ਕੈ ਜਾਹੀ ॥ (ਭਗਤ ਕਬੀਰ/੩੨੪), ਵਡੀ ਕੋਮ ਵਸਿ ਭਾਗਹਿ ਨਾਹੀ, ਮੁਹਕਮ ਫਉਜ ਹਠਲੀ ਰੇ ॥ ਕਹੁ ਨਾਨਕ ਤਿਨਿ ਜਨਿ
ਨਿਰਦਲਿਆ, ਸਾਧਸੰਗਤਿ ਕੈ ਝਲੀ ਰੇ ॥ (ਮ: ੫/੪੦੪), ਆਦਿ।
(ਭਾਗ-5) (ਸ)
ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ
ਸ਼ਬਦ ‘ਬਲਿਹਾਰੈ’ ਤੋਂ ‘ਬਲਿ’ ਜਾਂ ‘ਬਲਿ ਬਲਿ’ ਬਣਿਆ ਹੈ ; ਜਿਵੇਂ ਕਾਵਿ ਤੋਲ ਨੂੰ ਮੁਖ
ਰੱਖਦਿਆਂ ਸ਼ਬਦ ‘ਕਲਿਜੁਗ’ ਤੋਂ ਅਧੂਰਾ (ਸੀਮਤ) ਸ਼ਬਦ ‘ਕਲਿ’ ਰਹਿ ਜਾਂਦਾ ਹੈ: ‘‘ਜੇ ਕੋ ਨਾਉ ਲਏ ਬਦਨਾਵੀ, ‘ਕਲਿ’ ਕੇ ਲਖਣ ਏਈ ॥ (ਮ: ੧/੯੦੨), ਨਾਮ ਪ੍ਰਭੂ ਕੇ ਜੋ ਰੰਗਿ ਰਾਤੇ, ‘ਕਲਿ’ ਮਹਿ ਸੁਖੀਏ ਸੇ ਗਨੀ ॥’’ (ਮ:੫/੧੧੮੬)
ਇਆ ਮੂਰਤਿ ਕੈ ਹਉ ‘ਬਲਿਹਾਰੈ’ ॥ (ਭਗਤ ਕਬੀਰ/੮੭੦) (ਇਸ ਪੰਕਤੀ ’ਚ ਸੰਪੂਰਨ ਸ਼ਬਦ ‘ਬਲਿਹਾਰੈ’ ਹੈ, ਪਰ)
ਨਾਨਕ! ਤਾ ਕੈ ਬਲਿ ਬਲਿ ਜਾਸਾ ॥ (ਮ: ੫/੨੬੬), ਬਹੁ ਗੁਣ ਮੇਰੇ ਸਾਹਿਬੈ, ਭਾਈ! ਹਉ ਤਿਸ ਕੈ ਬਲਿ ਜਾਉ ॥ (ਮ: ੫/੬੪੦), ਮੇਰੇ ਰਾਮ! ਹਰਿ ਜਨ ਕੈ ਹਉ ਬਲਿ ਜਾਈ ॥ (ਮ: ੫/੭੪੯), ਅਮਰ ਅਜਾਚੀ ਹਰਿ ਮਿਲੇ, ਤਿਨ ਕੈ ਹਉ ਬਲਿ ਜਾਉ ॥ (ਮ: ੧/੯੩੩), ਨਾਨਕ! ਤਾ ਕੈ ਬਲਿ ਬਲਿ ਜਾਉ ॥ (ਮ: ੫/੯੧੪), ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ; ਹਮ ਜਨ ਕੈ ਬਲਿ ਬਲਲੇ ॥ (ਮ: ੪/੯੭੫), ਸਤਿਗੁਰ ਕੈ ਹਉ ਸਦ ਬਲਿ ਜਾਇਆ ॥ (ਮ: ੫/੧੧੪੨), ਏਕ ਨਿਮਖ ਪਿ੍ਰਅ ਦਰਸੁ ਦਿਖਾਵੈ; ਤਿਸੁ ਸੰਤਨ ਕੈ ਬਲਿ ਜਾਂਈ ॥ (ਮ: ੫/੧੨੦੭), ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ! ਬਲਿ ਬਲਿ ਤਾ
ਕੈ ਹਉ ਜਾਈ ॥ (ਮ: ੫/੧੨੦੭), ਉਆ ਅਉਸਰ ਕੈ ਹਉ ਬਲਿ ਜਾਈ ॥ (ਮ: ੫/੧੨੦੭), ਤਿਨ੍ ਦੇਖੇ ਮੇਰਾ ਮਨੁ ਬਿਗਸੈ; ਹਉ ਤਿਨ ਕੈ ਸਦ ਬਲਿ ਜਾਂਤ ॥ (ਮ: ੪/੧੨੬੪), ਸਾਧਸੰਗਤਿ ਕੈ ਬਲਿ ਬਲਿ ਜਾਈ; ਬਹੁੜਿ ਨ ਜਨਮਾ ਧਾਇ ॥ (ਮ: ੫/੧੨੨੩), ਕਹੁ ਨਾਨਕ! ਤਾ ਕੈ ਬਲਿ ਜਾਉ ॥ ਕਲਿਜੁਗ ਮਹਿ
ਪਾਇਆ ਜਿਨਿ ਨਾਉ ॥ (ਮ: ੫/੧੨੯੮), ਦਿਸਟਿ ਬਿਕਾਰੀ ਬੰਧਨਿ ਬਾਂਧੈ; ਹਉ ਤਿਸ ਕੈ ਬਲਿ ਜਾਈ ॥ ਪਾਪ ਪੁੰਨ ਕੀ ਸਾਰ ਨ
ਜਾਣੈ, ਭੂਲਾ ਫਿਰੈ ਅਜਾਈ ॥ (ਮ: ੧/੧੩੨੯), ਤਾਪ ਪਾਪ ਬਿਨਸੇ ਖਿਨ ਭੀਤਰਿ, ਭਏ ਕ੍ਰਿਪਾਲ ਗੁਸਾਈ ॥ ਸਾਸਿ ਸਾਸਿ ਪਾਰਬ੍ਰਹਮੁ ਅਰਾਧੀ; ਅਪੁਨੇ ਸਤਿਗੁਰ ਕੈ ਬਲਿ ਜਾਈ ॥ (ਮ: ੫/੧੩੩੮)
(ਭਾਗ-6) (ੳ)
ਹੇਠਾਂ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਵਿੱਚ ‘ਕੈ’ ਅੱਖਰ ਤੋਂ ਉਪਰੰਤ ‘ਸਮ’ ਸ਼ਬਦ (ਅੰਤ ਮੁਕਤਾ) ਦਰਜ ਕੀਤਾ
ਹੋਇਆ ਮਿਲਦਾ ਹੈ,
ਜਿਸ
ਦਾ ਅਰਥ ਹੈ ‘ਬਰਾਬਰ, ਸਮਾਨ, ਤੁਲ’। ਉਪਰੋਕਤ ‘ਕੈ’ (ਸੰਬੰਧਕ) ਅੱਖਰ ਨਾਲ ਸਬੰਧਤ
ਕੀਤੀ ਗਈ ਤਮਾਮ ਵੀਚਾਰ ਵਿੱਚ ਇਹ ਵਿਸ਼ਾ ਪ੍ਰਧਾਨ ਰਿਹਾ ਕਿ ‘ਕੈ’ ਅੱਖਰ ਤੋਂ ਬਾਅਦ ‘ਸਮ’ ਸ਼ਬਦ ਦੀ ਬਣਤਰ ‘ਸਮਿ’ ਜਾਂ ‘ਸਮੈ’ ਹੋਣੀ ਚਾਹੀਦੀ ਸੀ, ਜੋ ਕਿ ਇਨ੍ਹਾਂ ਪੰਕਤੀਆਂ ਵਿੱਚ
ਨਹੀਂ ਮਿਲਦੀ ਭਾਵ ਇਹ ਲਿਖਤ ਗੁਰਬਾਣੀ ਦੀ ਬਾਕੀ ਲਿਖਤ ਤੋਂ ਵਿਪ੍ਰੀਤ ਜਾਪਦੀ ਹੈ।
ਦਰਅਸਲ, ਅਜਿਹਾ ਨਹੀਂ ਹੈ ਕਿਉਂਕਿ
ਗੁਰਬਾਣੀ ਲਿਖਤ ਅਨੁਸਾਰ ‘ਸੰਮਿ’ ਸ਼ਬਦ ਕੇਵਲ ਇੱਕ ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਸੌਂ ਕੇ’ (ਭਾਵ ਕਿਰਿਆ ਵਿਸ਼ੇਸ਼ਣ); ਜਿਵੇਂ: ‘‘ਫਰੀਦਾ! ਚਾਰਿ (ਪਹਿਰ ਸਮਾਂ, ਦਿਨ) ਗਵਾਇਆ ਹੰਢਿ (ਭਟਕ) ਕੈ, ਚਾਰਿ ਗਵਾਇਆ ਸੰਮਿ (ਸਉਂ ਕੇ)॥’’ (ਭਗਤ ਫਰੀਦ/੧੩੭੯)
‘ਸਮੈ’ ਸ਼ਬਦ ਗੁਰਬਾਣੀ ਅਨੁਸਾਰ 2 ਵਾਰ ‘ਵੇਲੇ’ ਦੇ ਅਰਥਾਂ ਵਿੱਚ ਆਇਆ ਹੈ; ਜਿਵੇਂ: ‘‘ਮੇਘ ‘ਸਮੈ’ (ਬੱਦਲ, ਵਰਖਾ ਸਮੇਂ) ਮੋਰ
ਨਿਰਤਿਕਾਰ॥’’ (ਮ: ੫/੧੧੮੦) (ਅਤੇ) ‘‘ਏਕ ‘ਸਮੈ’ ਮੋ ਕਉ ਗਹਿ ਬਾਂਧੈ, ਤਉ ਫੁਨਿ ਮੋ ਪੈ ਜਬਾਬੁ ਨ
ਹੋਇ॥’’
(ਭਗਤ
ਨਾਮਦੇਵ/੧੨੫੩)
‘ਸਮੈ’ ਸ਼ਬਦ ਇੱਕ ਵਾਰ ਉਪਰੋਕਤ ਆਏ ‘ਸੰਮਿ’ ਸ਼ਬਦ ਵਾਙ ‘ਸੌਣ’ ਦੇ ਅਰਥਾਂ ਵਿੱਚ ਵੀ ਦਰਜ ਹੈ; ਜਿਵੇਂ: ‘‘ਹੁਕਮੋ ਸੇਵੇ ਹੁਕਮੁ ਅਰਾਧੇ, ਹੁਕਮੇ ਸਮੈ ਸਮਾਏ॥’’ (ਮ: ੪/੧੪੨੩) ਭਾਵ ਰੱਬੀ ਹੁਕਮ ਅਨੁਸਾਰ ਹੀ
ਸੌਂਦਾ ਹੈ,
ਨੀਂਦ
ਵਿੱਚ ਲੀਨ ਹੁੰਦਾ ਹੈ।
ਸੋ, ‘ਸਮ’ (ਅੰਤ ਮੁਕਤਾ) ਸ਼ਬਦ (‘ਬਰਾਬਰ, ਸਮਾਨ, ਤੁਲ’ ਦੇ ਅਰਥਾਂ ਲਈ) ਗੁਰਬਾਣੀ ਵਿੱਚ
53
ਵਾਰ
ਦਰਜ ਕੀਤਾ ਹੋਇਆ ਮਿਲਦਾ ਹੈ ਜਿਸ ਨੂੰ ਕੇਵਲ 5 ਵਾਰ ‘ਕੈ’ ਸ਼ਬਦ ਨਾਲ ਲਿਖਣ ਕਾਰਨ, ਬਾਕੀ ਲਿਖਤ ਵਾਙ ‘ਸਮੈ’ ਜਾਂ ‘ਸਮਿ’ ਨਹੀਂ ਲਿਖਿਆ ਜਾ ਸਕਦਾ, ਜਿਨ੍ਹਾਂ ਦੇ ਅਰਥ ਹੀ ਕੁਝ ਹੋਰ
ਬਣ ਜਾਂਦੇ ਹਨ ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਉਨ੍ਹਾਂ 5 ਪੰਕਤੀਆਂ ਵਿੱਚ ‘ਜਾ ਕੈ ਸਮ’ ਸ਼ਬਦ ਬਣਤਰ ਹੀ ਵਿਆਕਰਣ ਅਨੁਸਾਰ
ਢੁੱਕਵੀਂ ਹੈ;
ਜਿਵੇਂ:
‘‘ਜਾ ਕੈ, ਦੁਖੁ ਸੁਖੁ ‘ਸਮ’ ਕਰਿ ਜਾਪੈ ॥’’ (ਮ: ੫/੧੮੬) (ਜਾ ਕੈ ਸਮ)
‘‘ਉਸਤਤਿ ਨਿੰਦਾ ਏ, ‘ਸਮ ਜਾ ਕੈ’, ਲੋਭੁ ਮੋਹੁ ਫੁਨਿ ਤੈਸਾ ॥’’ (ਮ: ੯/੨੨੦) (ਜਾ ਕੈ ਸਮ)
‘‘ਅਉਰ ਧਰਮ, ‘ਤਾ ਕੈ ਸਮ’ ਨਾਹਨਿ; ਇਹ ਬਿਧਿ ਬੇਦੁ ਬਤਾਵੈ ॥’’ (ਮ: ੯/੬੩੨) (ਜਾ ਕੈ ਸਮ)
‘‘ਸਮ ਸੁਪਨੈ ਕੈ’, ਇਹੁ ਜਗੁ ਜਾਨੁ ॥’’ (ਮ: ੯/੧੧੮੭) (ਜਾ ਕੈ ਸਮ)
‘‘ਰਾਮ ਨਾਮੁ ਉਰ ਮੈ ਗਹਿਓ; ‘ਜਾ ਕੈ ਸਮ’, ਨਹੀ ਕੋਇ ॥’’ (ਮ: ੯/੧੪੨੯) (ਜਾ ਕੈ ਸਮ)
(ਭਾਗ-6) (ਅ)
ਪਾਠਕ ਜਨ, ਆਪ ਵੀਚਾਰ ਕੇ ਤਸੱਲੀ ਕਰਨ ਕਿ
ਹੇਠਾਂ ਦਿੱਤੀਆਂ ਜਾ ਰਹੀਆਂ ਕੁਲ 9 ਪੰਕਤੀਆਂ ਵਿੱਚ ‘ਮਨ, ਰਿਦ, ਮਦ (ਨਸ਼ਾ) ਅਤੇ ਗਿ੍ਰਹ (ਘਰ)’ ਸ਼ਬਦਾਂ ਦੀ ਬਣਤਰ ‘ਮਨਿ ਜਾਂ ਮਨੈ, ਰਿਦਿ ਜਾਂ ਰਿਦੈ, ਮਦਿ ਜਾਂ ਮਦੈ ਅਤੇ ਗਿ੍ਰਹਿ
ਜਾਂ ਗਿ੍ਰਹੈ’ ਕਿਉਂ ਨਹੀਂ ਦਰਜ ਕੀਤੀ ਗਈ? ਕੀ ਇਸ ਦਾ ਕਾਰਨ ਇਨ੍ਹਾਂ ਤਮਾਮ
ਸ਼ਬਦਾਂ ਤੋਂ ਉਪਰੰਤ ਆਏ ਸ਼ਬਦ ‘ਮਾਹਿ, ਅੰਤਰਿ, ਮਹਿ ਜਾਂ ਮੈ’ ਤਾਂ ਨਹੀਂ? ਜਿਨ੍ਹਾਂ ਦਾ ਅਰਥ ਸੰਬੰਧਕ ‘ਵਿੱਚ’ ਹੈ; ਜਿਵੇਂ:
ਜਿਨ ਕੈ, ਰਾਮੁ ਵਸੈ; ‘ਮਨ ਮਾਹਿ’ ॥ (ਜਪੁ , ਮ: ੧/੮) (ਜਿਨ ਕੈ ਮਨ ਮਾਹਿ)
ਬ੍ਰਹਮ ਗਿਆਨੀ ਕੈ, ਸਗਲ ‘ਮਨ ਮਾਹਿ’ ॥ (ਮ: ੫/੨੭੩) (ਬ੍ਰਹਮ ਗਿਆਨੀ ਕੈ ਮਨ ਮਾਹਿ)
ਜਾ ਕੈ, ਹਰਿ ਵਸਿਆ ‘ਮਨ ਮਾਹੀ’ ॥ (ਮ: ੫/੧੯੩) (ਜਾ ਕੈ ਮਨ ਮਾਹੀ)
ਜਾ ਕੈ, ਨਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੧) (ਜਾ ਕੈ ਮਨ ਮਾਹੀ)
ਜਾ ਕੈ, ਰਾਮੁ ਬਸੈ ‘ਮਨ ਮਾਹੀ’ ॥ (ਮ: ੫/੮੯੯) (ਜਾ ਕੈ ਮਨ ਮਾਹੀ)
ਜਨ ਕੈ ‘ਰਿਦ ਅੰਤਰਿ’ ਪ੍ਰਭੁ ਸੁਆਮੀ, ਜਨ ਹਰਿ ਹਰਿ ਨਾਮੁ ਭਜਥਈ ॥’’ (ਮ: ੪/੧੩੨੦) (ਜਨ ਕੈ ਰਿਦ ਅੰਤਰਿ)
ਜੋਬਨੁ ਧਨੁ ਪ੍ਰਭਤਾ (ਤਾਕਤ) ਕੈ ਮਦ ਮੈ; ਅਹਿਨਿਸਿ ਰਹੈ ਦਿਵਾਨਾ ॥ (ਮ: ੯/੬੮੫) (ਪ੍ਰਭਤਾ ਕੈ ਮਦ ਮੈ (ਮਹਿ)
ਜਾ ਕੈ ਗਿ੍ਰਹ ਮਹਿ, ਸਗਲ ਨਿਧਾਨ ॥ (ਮ: ੫/੧੧੫੨) (ਜਾ ਕੈ ਗਿ੍ਰਹ ਮਹਿ)
ਅਭਿਆਗਤ ਏਹ ਨ ਆਖੀਅਹਿ; ਜਿਨ ਕੈ ਮਨ ਮਹਿ ਭਰਮੁ ॥ (ਮ: ੩/੧੪੧੩) (ਜਿਨ ਕੈ ਮਨ ਮਹਿ)
(ਭਾਗ-6) (ੲ)
ਗੁਰਬਾਣੀ ਲਿਖਤ ਅਨੁਸਾਰ ਇਹ ਵੀ ਵੇਖਣ ਵਿੱਚ ਆ ਰਿਹਾ
ਹੈ ਕਿ ਜੋ ਇੱਕ ਵਚਨ ਨਾਂਵ ਸ਼ਬਦ, ਆਪਣੇ ਨਾਲ ਸੰਬੰਧਕ ਸ਼ਬਦ ਦੇ ਆਇਆਂ ਆਪਣਾ ਰੂਪ ਬਹੁ
ਵਚਨ ਵਾਲਾ ਬਣਾ ਲੈਂਦਾ ਹੈ, ਉਹ ਸ਼ਬਦ ਲੁਪਤ ਰੂਪ ਵਿੱਚ ਭੀ ਸੰਬੰਧਕ ਅਰਥ ਜ਼ਰੂਰ
ਦਿੰਦਾ ਹੈ;
ਜਿਵੇਂ
ਕਿ ‘ਭਉ’ (ਇੱਕ ਵਚਨ) ਸ਼ਬਦ ਦਾ ਅਰਥ ਹੈ ‘ਡਰ’ (ਭਾਵ ਰੱਬੀ ਡਰ), ਜਿਸ ਦਾ ਬਹੁ ਵਚਨ ਰੂਪ ਹੈ ‘ਭੈ’ (ਭਾਵ ਦੁਨਿਆਵੀ ਡਰ), ਪਰ ‘ਭਉ’ (ਇੱਕ ਵਚਨ) ਸ਼ਬਦ ਨਾਲ ਸੰਬੰਧਕ
ਸ਼ਬਦ ਆਇਆਂ ਸ਼ਬਦ ਬਣਤਰ ‘ਭੈ’ (ਬਹੁ ਵਚਨ) ਬਣ ਜਾਣ ਦੇ ਬਾਵਜੂਦ ਭੀ ਅਰਥ ਇੱਕ ਵਚਨ ਦੇ
ਹੀ ਦੇਂਦਾ ਹੈ;
ਜਿਵੇਂ:
‘‘ਭੈ ਬਿਨੁ, ਕੋਇ ਨ ਲੰਘਸਿ ਪਾਰਿ ॥ (ਮ:
੧/੧੫੧),
ਬਿਨੁ
ਭੈ,
ਭਗਤੀ; ਤਰਨੁ ਕੈਸੇ ॥’’ (ਮ: ੫/੮੨੯) ਆਦਿ। ਇਨ੍ਹਾਂ ਪੰਕਤੀਆਂ ਵਿੱਚ
ਗੱਲ ਤਾਂ ਰੱਬੀ ਡਰ (ਇੱਕ ਵਚਨ) ਦੀ ਚੱਲ ਰਹੀ ਹੈ ਪਰ ‘ਭੈ’ ਰੂਪ ਬਹੁ ਵਚਨ ਵਾਲਾ ਹੈ
ਕਿਉਂਕਿ ਇਹ ਸ਼ਬਦ ਬਣਤਰ ਸੰਬੰਧਕ ਸ਼ਬਦ ‘ਬਿਨੁ’ ਨੇ ਬਦਲੀ ਹੈ। ਇਸ ਹੀ ਨਿਯਮ ਦੇ
ਅਧੀਨ ‘ਭੈ’ ਸ਼ਬਦ, ਗੁਰਬਾਣੀ ਵਿੱਚ ਲੁਪਤ ਸੰਬੰਧਕ
ਅਰਥ ਭੀ ਦੇਂਦਾ ਹੈ; ਜਿਵੇਂ: ‘‘ਭੈ ਤੇਰੈ, ਡਰੁ ਅਗਲਾ; ਖਪਿ ਖਪਿ ਛਿਜੈ ਦੇਹ ॥’’ (ਮ:੧/੧੬) ਭਾਵ ਹੇ ਪ੍ਰਭੂ! ਤੇਰੇ ਡਰ
ਨਾਲ (ਤੈਥੋਂ ਦੂਰੀ ਬਣਾਇਆਂ) ਸੰਸਾਰਕ ਡਰ (ਚਿੰਤਾ) ਬਹੁਤ ਵਿਆਪਦਾ ਹੈ, ਜਿਸ ਕਾਰਨ ਸਰੀਰ ਹੀ ਕਮਜ਼ੋਰ
ਹੁੰਦਾ ਰਹਿੰਦਾ ਹੈ। ਇਸ ‘ਭੈ’ ਨੇ ਸੰਬੰਧਕ ਅਰਥ ‘ਡਰ ਨਾਲ’ ਕੱਢੇ ਹਨ।
‘ਜੀਉ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ
ਹੈ ਜਿਸ ਦਾ ਅਰਥ ਹੈ ‘ਜਿੰਦ’ (ਇੱਕ ਵਚਨ) ‘‘ਹਰਿ, ਜੀਉ (ਜਿੰਦ, ਸਰੀਰ) ਗੁਫਾ ਅੰਦਰਿ ਰਖਿ
ਕੈ;
ਵਾਜਾ
ਪਵਣੁ ਵਜਾਇਆ ॥’’ (ਮ: ੩/੯੨੨) ਪਰ ‘ਜੀਉ’ ਸ਼ਬਦ ਨਾਲ ਸੰਬੰਧਕ ਸ਼ਬਦ ਆਇਆਂ ‘ਜੀਅ’ (ਬਹੁ ਵਚਨ) ਰੂਪ ਬਣ ਜਾਂਦਾ ਹੈ; ਜਿਵੇਂ: ‘‘ਜੀਅ’’ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯)
ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ‘ਜੀਅ’ ਸ਼ਬਦ, ਆਪਣੇ ਵਿੱਚੋਂ ਗੁਪਤ ਸੰਬੰਧਕ
ਅਰਥ ਵੀ ਦੇਂਦਾ ਹੈ, ਇਸ ਲਈ ਹੇਠਾਂ ਦਿੱਤੀਆਂ ਜਾ ਰਹੀਆਂ 4 ਪੰਕਤੀਆਂ ਵਿੱਚ ਇਹ ਨਿਯਮ
ਸਪੱਸ਼ਟ ਹੋ ਜਾਂਦਾ ਹੈ :
‘‘ਕਾਲੁ ਕੰਟਕੁ ਲੋਭੁ ਮੋਹੁ ਨਾਸੈ, ‘ਜੀਅ ਜਾ ਕੈ’ ਪ੍ਰਭੁ ਬਸੈ ॥’’ (ਮ: ੫/੨੪੯) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)
‘‘ਜਾ ਕੈ ਜੀਅ’’, ਜੈਸੀ ਬੁਧਿ ਹੋਈ ॥’’ (ਭਗਤ ਕਬੀਰ/੩੪੩) (‘ਜਾ ਕੈ ਜੀਅ’ ਭਾਵ ਜਿਸ ਦੇ ਹਿਰਦੇ ਵਿੱਚ)
‘‘ਨਿਮਖ ਨ ਬਿਸਰੈ ‘ਜੀਅ ਭਗਤਨ ਕੈ’; ਆਠ ਪਹਰ ਮਨ ਤਾ ਕਉ ਜਾਪਿ ॥’’ (ਮ: ੫/੯੦੦) (‘ਭਗਤਨ ਕੈ ਜੀਅ’ ਭਾਵ ਭਗਤਾਂ ਦੇ ਹਿਰਦੇ ਵਿੱਚੋਂ)
‘‘ਹਰਿ ਹਰਿ ਨਾਮੁ ਬਸਿਓ; ‘ਜੀਅ ਤਾ ਕੈ’ ॥’’ (ਮ: ੫/੧੦੦੪) (‘ਤਾ ਕੈ ਜੀਅ’ ਭਾਵ ਉਸ ਦੇ ਹਿਰਦੇ ਵਿੱਚ)
(ਨੋਟ: ਜੋ ਸੰਬੰਧਕ ਅਰਥਾਂ ਲਈ ਸਿਹਾਰੀ ਜਾਂ ਦੁਲਾਵਾਂ ਦੀ ਮਦਦ ਲਈ ਜਾ
ਰਹੀ ਸੀ ਉਹ (ਸਿਹਾਰੀ ਤੇ ਦੁਲਾਵਾਂ) ‘ਅ’ ਨੂੰ ਨਾ ਲੱਗਣ ਕਾਰਨ ਹੀ ਉਪਰੋਕਤ ਨਿਯਮ ਨੂੰ ਅਪਣਾਇਆ ਗਿਆ ਹੈ।)
(ਭਾਗ-7)
ਗੁਰਬਾਣੀ ਲਿਖਤ ਅਨੁਸਾਰ ‘ਕੈ’ ਅੱਖਰ ਕੇਵਲ ਇੱਕ ਵਾਰ ‘ਕਈ’ (ਅਨਿਸਚਿਤ ਪੜਨਾਂਵ ਜਾਂ ਬਹੁ
ਵਚਨ ਪੜਨਾਂਵ) ਦੇ ਅਰਥਾਂ ਲਈ ਵੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ:
‘‘ਕਰਮ ਵਧਹਿ, ‘ਕੈ’ ਲੋਅ ਖਪਿ ਮਰੀਜਈ ॥’’ (ਮ: ੧/੧੨੮੫) (ਕਈ ਲੋਕ) ਭਾਵ ਲੋਕਾਂ (ਭਾਵ ਧਰਤੀਆਂ) ਦੇ ਕਰਮਕਾਂਡ ਵੀ ਇੱਥੇ ਵਧ ਜਾਣ ਤਾਂ
ਵੀ ਖਪ ਕੇ ਹੀ ਮਰ ਜਾਈਦਾ ਹੈ।
(ਭਾਗ-8)
ਜਿਹੜੇ ਗੁਰਮੁਖ ਸੱਜਣ ਉਪਰੋਕਤ ‘ਕੈ’ ਸ਼ਬਦ ਨਾਲ ਸੰਬੰਧਤ ਤਮਾਮ
ਨਿਯਮਾਂਵਲੀ
(ਵਿਆਕਰਣ)
ਬਾਰੇ ਨਹੀਂ ਜਾਣਦੇ ਉਹੀ ਗੁਰਸਿੱਖ ਪਿਆਰੇ ਹੇਠਾਂ ਦਿੱਤੀ ਜਾ ਰਹੀ ਪੰਕਤੀ ਦੇ ਅਰਥ ਕਰਨ ਲੱਗਿਆਂ
ਦੁਬਿਧਾ ਵਿੱਚ ਰਹਿੰਦੇ ਹਨ।
‘‘ਕੰਧਿ ਕੁਹਾੜਾ ਸਿਰਿ ਘੜਾ; ਵਣਿ ਕੈ ਸਰੁ ਲੋਹਾਰੁ ॥ ਫਰੀਦਾ! ਹਉ ਲੋੜੀ ਸਹੁ
ਆਪਣਾ; ਤੂ ਲੋੜਹਿ ਅੰਗਿਆਰ ॥’’ (ਭਗਤ ਫਰੀਦ/੧੩੮੦)
(ਨੋਟ: ਇਸ ਪੰਕਤੀ ਵਿੱਚ ਦਰਜ ਸ਼ਬਦ ‘ਕੈ’ ਤਾਂ ਹੀ ਆਪਣੇ ਤੋਂ ਅਗੇਤਰ ਜਾਂ ਪਿਛੇਤਰ ਸ਼ਬਦ
ਤੋਂ ਅਲੱਗ ਹੋ ਸਕਦਾ ਹੈ (ਜਿਵੇਂ ਕਿ ਗੁਰਬਾਣੀ ਵਿੱਚ ਪਦ ਛੇਦ ਕੀਤਾ ਹੋਇਆ ਹੈ) ਜੇਕਰ ਉਪਰੋਕਤ
ਵੀਚਾਰੇ ਗਏ ਤਮਾਮ ਨਿਯਮਾਂ ਵਿੱਚੋਂ ਕਿਸੇ ਇੱਕ ਨਿਯਮ ਨਾਲ ਵੀ ਮੇਲ ਖਾਂਦਾ ਹੋਵੇ। ਇਸ ਪੰਕਤੀ ਵਿੱਚ
‘ਕੈ’ ਸ਼ਬਦ ਨੂੰ ਪਦ ਛੇਦ ਕਰਕੇ ਅਲੱਗ ਲਿਖਣ ਨਾਲ ਹੇਠਾਂ
ਦਿੱਤੇ ਜਾ ਰਹੇ ਪ੍ਰਸ਼ਨ ਖੜੇ ਹੋ ਰਹੇ ਹਨ; ਜਿਵੇਂ:
(1). ਅਗਰ ‘ਕੈ’ ਦਾ ਅਰਥ ‘ਦੇ’ (ਸੰਬੰਧਕ) ਹੈ ਤਾਂ ‘ਵਣਿ’ (ਜੰਗਲ ਵਿੱਚ, ਅਧਿਕਰਣ ਕਾਰਕ) ਦੀ ਅੰਤ ਸਿਹਾਰੀ ਕਿਉਂ ਨਹੀਂ
ਹਟੀ?
(2). ਅਗਰ ‘ਕੈ’ ਯੋਜਕ ਹੈ, ਜਿਸ ਦਾ ਅਰਥ ‘ਜਾਂ’ ਲਿਆ ਜਾ ਸਕਦਾ ਹੈ ਤਾਂ ‘ਸਰੁ’ (ਸਰੋਵਰ) ਸ਼ਬਦ ਨੂੰ ਔਕੁੜ ਕਿਉਂ ਹੈ? ਭਾਵ ‘ਵਣਿ’ ਵਾਙ ‘ਸਰਿ’ ਕਿਉਂ ਨਹੀਂ?
(3). ਅਗਰ ‘ਕੈ’ (ਕਈ, ਭਾਵ ਬਹੁ ਵਚਨ) ਪੜਨਾਂਵ ਹੈ ਤਾਂ ਵੀ ‘ਸਰੁ’ ਨੂੰ ਔਕੁੜ ਨਹੀਂ ਹੋਣੀ ਚਾਹੀਦੀ।
(4). ਅਗਰ ‘ਕੈ’ ਕਿਰਿਆ ਵਿਸ਼ੇਸ਼ਣ ਸ਼ਬਦ ਹੈ ਤਾਂ ਇਸ ਸ਼ਬਦ ਵਿੱਚ ‘ਕਿਰਿਆ’ ਕਿੱਥੇ ਹੈ, ਜਿਸ ਦਾ ਇਹ ‘ਵਿਸ਼ੇਸ਼ਣ’ ਹੈ?
(5). ਅਗਰ ‘ਕੈ’ ਪ੍ਰਸ਼ਨ-ਵਾਚਕ ਪੜਨਾਂਵ ਹੈ ਤਾਂ ਇਹ ਅੰਤ ਸਿਹਾਰੀ
ਵਾਲੇ ਕਿਸੇ (ਨਾਂਵ ਜਾਂ ਸੰਬੰਧਕ) ਸ਼ਬਦ ਨਾਲ ਲੱਗੇਗਾ, ਨਾ ਕਿ ਅੰਤ ਔਕੁੜ ਵਾਲੇ ‘ਸਰੁ’ ਸ਼ਬਦ ਨਾਲ, ਜਿਸ ਨੂੰ ‘ਕੈ ਵਣਿ’ ਨਾਲ ਜੋੜ ਕੇ ‘ਕਿਹੜੇ ਵਣ ਵਿੱਚ? ’ ਅਰਥ ਕਰਨੇ ਮੂਲੋਂ ਹੀ ਗ਼ਲਤ ਹਨ। ਆਦਿ।
ਫਰੀਦਕੋਟ ਸਟੀਕ, ਨਰੋਤਰ, ਗਿਆਨੀ ਬਿਸ਼ਨ ਸਿੰਘ, ਪੰਡਿਤ ਨਰੈਣ ਸਿੰਘ ਆਦਿ ਸੱਜਣਾਂ ਨੇ ‘ਵਣਿ ਕੈ ਸਰੁ’ ਸ਼ਬਦਾਂ ਦੇ ‘ਜੰਗਲ ਦੇ ਸਿਰ ਪਰ’ ਅਰਥ ਕੀਤੇ ਹਨ, ਜੋ ਕਿ ਵਿਆਕਰਣ ਨਿਯਮਾਂ ਅਨੁਸਾਰ ‘ਸਰੁ’ ਵਿੱਚੋਂ ‘ਉੱਤੇ ਜਾਂ ਪਰ’ (ਸੰਬੰਧਕ) ਅਰਥ ਅਤੇ
‘ਵਣਿ’ ਵਿੱਚੋਂ ‘ਦੇ’ (ਸੰਬੰਧਕ) ਰੂਪ ਵਿੱਚ ਅਰਥ ਨਹੀਂ ਲਏ ਜਾ ਸਕਦੇ।
ਪਿ੍ਰੰਸੀਪਲ ਸਾਹਿਬ ਸਿੰਘ ਜੀ ਨੇ ‘ਵਣਿ ਕੈਸਰੁ’ ਪਦ ਛੇਦ ਕਰਕੇ ਅਰਥ ਕੀਤੇ ਹਨ ਕਿ ‘ਜੰਗਲ ਵਿੱਚ ਲੁਹਾਰ ਕੈਸਰੁ (ਬਾਦਸ਼ਾਹ) ਬਣਿਆ
ਫਿਰਦਾ ਹੈ।’
ਸ਼ਬਦਾਰਥ ਵਾਲੇ ਸੱਜਣਾਂ ਨੇ ਅਰਥ ਕੀਤੇ ਹਨ ਕਿ ‘ਲੁਹਾਰ ਕਿੱਧਰ ਨੂੰ ਜਾ ਰਿਹਾ ਹੈ? ਭਾਵ ਸਰੋਵਰ ਨੂੰ ਜਾਂ ਬਨ ਨੂੰ?’ ‘ਵਣਿ’ ਸ਼ਬਦ ਵਿੱਚੋਂ ‘ਬਨ ਨੂੰ’ ਅਰਥ ਨਹੀਂ ਲਏ ਜਾ ਸਕਦੇ, ‘ਵਣ ਵਿੱਚ’ ਹੀ ਬਣ ਸਕਦੇ ਹਨ ਜਦਕਿ ‘ਸਰੁ’ ਵਿੱਚੋਂ ‘ਨੂੰ’ ਅਰਥ ਕੱਢਿਆ ਜਾ ਸਕਦਾ ਹੈ।
ਗਿਆਨੀ ਹਰਬੰਸ ਸਿੰਘ ਜੀ ਨੇ ਨਿਰਣੈ ਇਉਂ ਕੀਤਾ ਕਿ ‘ਵਣਿ ਕੈ ਸਰੁ’ ਭਾਵ ‘ਵਣੀ ਦੇ ਸਰੋਵਰ ਨੂੰ’, ਇਨ੍ਹਾਂ ਅਰਥਾਂ ਵਿੱਚ ‘ਵਣਿ’ ਨੂੰ ਇਸਤ੍ਰੀ ਲਿੰਗ ਮੰਨ ਕੇ ‘ਵਣੀ’ ਕਿਹਾ ਗਿਆ ਹੈ ਤਾਂ ਜੋ ਸੰਬੰਧਕ ‘ਕੈ’ ਦੇ ਅਰਥ ਲਏ ਜਾਣ, ਪਰ ਜੰਗਲ ਵਿੱਚ ਛੋਟੀ ‘ਬੰਨੀ’ ਹੁੰਦੀ ਹੈ ਨਾ ਕਿ ‘ਵਣੀ’। ਇਸ ਲਈ ਇਨ੍ਹਾਂ ਨੇ ਗੰਭੀਰ ਸ਼ਬਦਾਰਥ ’ਤੇ ਹਮੇਸ਼ਾਂ ਪ੍ਰਚੱਲਤ ਨੂੰ ਅਪਣਾ ਕੇ ਪਿ੍ਰੰ. ਸਾਹਿਬ ਸਿੰਘ (ਨਵੀਨਤਮ)
ਨੂੰ ਕੱਟਣ ਦਾ ਹੀ ਯਤਨ ਕੀਤਾ ਹੈ ਜਦਕਿ ਇਨ੍ਹਾਂ ਆਪ ਗੁਰਬਾਣੀ ਵਿਆਕਣ ਵੀ ਲਿਖੀ ਹੈ।
ਸੋ, ਗੁਰਬਾਣੀ ਲਿਖਤ ਅਨੁਸਾਰ ‘ਵਣਿ ਕੈ ਸਰੁ’ ਸ਼ਬਦਾਂ ਵਿੱਚੋਂ ‘ਕੈ’ ਅੱਖਰ ਕਿਸੇ ਇੱਕ (ਅਗੇਤਰ ਜਾਂ ਪਿਛੇਤਰ) ਸ਼ਬਦ ਨਾਲ ਜ਼ਰੂਰ ਮਿਲੇਗਾ, ਜਿਸ ਨੂੰ ਪਦ ਛੇਦ ਨਹੀਂ ਕੀਤਾ ਜਾ ਸਕਦਾ। ਇਸ
ਪਾਸੇ ਕੇਵਲ ਪਿ੍ਰੰ. ਸਾਹਿਬ ਸਿੰਘ ਜੀ ਨੇ ਹੀ ਧਿਆਨ ਕਰਵਾਇਆ ਸੀ, ਜੋ ਕਿ ਉਚਿਤ ਵੀ ਸੀ।
ਸ਼ਾਇਦ ‘ਕੈ’ ਸ਼ਬਦ ਦਾ ਗੁਰਬਾਣੀ ਵਿੱਚ ਇਤਨਾ ਮਹੱਤਵ ਹੋਣ ਕਾਰਨ ਹੀ ਦਸ਼ਮੇਸ਼ ਪਿਤਾ ਜੀ ਨੇ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ
ਸੂਰਾ ॥’’ (ਮ: ੧/੯੩੦) , ਵਿੱਚੋਂ ‘ਕੈ’ ਦੀ ਬਜਾਏ ‘ਕੇ’ ਪੜ੍ਹਨ ਵਾਲੇ ਗੁਰਸਿੱਖ ਨੂੰ ਸਖ਼ਤ ਤਾੜਨਾ ਕੀਤੀ ਹੋਵੇਗੀ।
ਗਿਆਨੀ ਅਵਤਾਰ ਸਿੰਘ
98140-35202 ਸੰਪਾਦਕ
www.gurparsad.com
ਆਪ ਪੜ੍ਹੋ ਅਤੇ ਮੁਨਾਸਿਬ ਸਮਝੋ ਤਾਂ ਹੋਰਨਾਂ ਨੂੰ ਵੀ
ਪੜ੍ਹਾਓ ਜੀ!
ਗੁਰਬਾਣੀ ਦੀ ਵਧੇਰੇ ਜਾਣਕਾਰੀ ਲਈ ਵੈੱਬ ਸਾਇਟ www.gurparsad.com ਦੀ ਮਦਦ ਲਈ ਜਾ ਸਕਦੀ ਹੈ ਅਗਰ ਕੁਝ ਊਣਤਾਈਆਂ (ਤਰੁਟੀਆਂ) ਨਜ਼ਰ ਆਉਣ ਤਾਂ Email.id avtar020267@gmail.com ’ਤੇ ਆਪਣੇ ਕੀਮਤੀ ਸੁਝਾਵ ਜ਼ਰੂਰ ਭੇਜੋ ਜੀ!
No comments:
Post a Comment