‘ਆਓ ਜਿਊਣਾ
ਸਿੱਖੀਏ’ ਡਾ. ਅਮਨਦੀਪ ਸਿੰਘ ਟੱਲੇਵਾਲੀਆ ਵੱਲੋਂ ਪਹਿਲਾ ‘ਨਿਬੰਧ ਸੰਗ੍ਰਹਿ’ ਹੈ। ਭਾਵੇਂ ਵਾਰਤਕ ਵਿਚ ਕਈ ਨਵੇਂ ਨਵੇਂ ਪ੍ਰਯੋਗ ਸਾਹਮਣੇ ਆ ਚੁੱਕੇ ਹਨ ਪਰ ਮਨੁੱਖੀ ਸਮੱਸਿਆਵਾਂ ਜਾਂ ਮਾਨਸਿਕ ਰੋਗਾਂ ਨੂੰ ਲੈ ਕੇ ਚੋਣਵੇਂ ਵਾਰਤਕਕਾਰਾਂ ਨੇ ਇਸ ਖੇਤਰ ਵਿੱਚ ਕੰਮ ਕੀਤਾ ਹੈ। ਜਿਵੇਂ
ਕਿ ਡਾ. ਅਮਨਦੀਪ ਸਿੰਘ ਵੀ ਪੇਸ਼ੇ ਵਜੋਂ ਹੋਮਿਓਪੈਥੀ ਦੇ ਡਾਕਟਰ ਹਨ ਤੇ ਇਸ ਦੇ ਨਾਲ ਹੀ ਕਵੀ ਤੇ ਗੀਤਕਾਰ ਵੀ। ਇੱਕ ਕਵੀ ਤੇ ਗੀਤਕਾਰ ਸੂਖਮ ਹੁੰਦਾ ਹੈ ਤੇ ਹੋਮਿਓਪੈਥੀ ਵਿੱਚ ਵੀ ਸੂਖਮ ਲੱਛਣ ਤੇ ਦਵਾਈ ਦੀ ਸੂਖਮ ਪੱਧਤੀ ਵਾਲਾ ਸਿਧਾਂਤ ਹੀ ਲਾਗੂ ਹੁੰਦਾ ਹੈ। ਡਾ. ਅਮਨਦੀਪ ਨੇ ਆਪਣੇ ਵਿਸ਼ਾਲ ਤਜ਼ਰਬੇ ਰਾਹੀਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ‘ਜਿਊਣ’ ਦੇ ਰਾਹ ’ਤੇ ਆਈਆਂ ਰੁਕਾਵਟਾਂ ਤੇ ਇਹਨਾਂ ਬਾਰੇ ਸੂਖਮ ਇਲਾਜ ਵਿਧੀ ਰਾਹੀਂ ਜਿਊਣ ਦੇ ਕੁਦਰਤੀ ਤਰੀਕਿਆਂ ਨੂੰ ਵੀ ਸਨਮੁਖ ਲਿਆਂਦਾ ਹੈ। ਅੱਜ ਦੇ ਇਸ ਯੁੱਗ ਵਿੱਚ ਖਾਣ-ਪਾਣ, ਜੀਵਨ ਸ਼ੈਲੀ ਤੇ ਰੋਗਾਂ ਬਾਰੇ ਜਾਗਰੂਕਤਾ ਦੀ ਅਤਿਅੰਤ ਲੋੜ ਹੈ। ਡਾ. ਅਮਨਦੀਪ ਵਿਗਿਆਨਕ ਤੇ ਪ੍ਰਕ੍ਰਿਤਕ ਦੋਹਾਂ ਦ੍ਰਿਸ਼ਟੀਕੋਣਾਂ ਦਾ ਧਾਰਨੀ ਹੈ। ਲੋਕਾਂ ਦੀਆਂ ਮਾਨਸਿਕ ਤਕਲੀਫਾਂ ਵਿਚੋਂ ਪੈਦਾ ਹੋਇਆ ਦਵੰਧ ਮਨੁੱਖੀ ਸਿਹਤ ਤੇ ਸਮੁੱਚੇ ਸੰਸਾਰ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਡਾ. ਅਮਨਦੀਪ ਨੇ ਨਿਤਾਪ੍ਰਤੀ ਦੇ ਜਿਊਣ ਢੰਗਾਂ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਲੈਕੇ ਕਈ ਭਰਮ-ਭੁਲੇਖੇ ਦੂਰ ਕੀਤੇ ਹਨ ਤੇ ਇਸ ਸੰਬੰਧੀ ਸਾਰਥਕ ਜਾਣਕਾਰੀ ਪਾਠਕਾਂ ਤੱਕ ਪਹੁੰਚਾਈ ਹੈ। ਇਸ ਹੱਥਲੀ ਪੁਸਤਕ ਵਿੱਚ ਸਿਹਤ ਸੰਬੰਧੀ ਵੱਖ-ਵੱਖ ਵਿਸ਼ਿਆਂ ਤੇ 48 ਵਿਗਿਆਨਕ ਜਾਣਕਾਰੀ ਨਾਲ ਭਰਪੂਰ ਲੇਖ ਦਰਜ਼ ਹਨ। ਉਹਨਾਂ ਨੇ ਵੱਖੋ-ਵੱਖਰੇ ਲੇਖਾਂ ਵਿੱਚ ਜਿਊਣ ਦੇ ਗ਼ੈਰ ਕੁਦਰਤੀ ਢੰਗਾਂ, ਗਲਤ ਖਾਣ-ਪੀਣ, ਨਾਕਰਾਤਮਕ ਦ੍ਰਿਸ਼ਟੀਕੋਣ ਤੇ ਇਲਾਜ ਪ੍ਰਣਾਲੀਆਂ ਸੰਬੰਧੀ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।
‘ਆਓ ਜਿਊਣਾ ਸਿੱਖੀਏ’ ਮਨੁੱਖ ਨੂੰ ਸਹਿਜਤਾ ਨਾਲ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਇਸ ਗੁੰਝਲਦਾਰ ਜੀਵਨ ਵਿੱਚ ਸਹਿਜ ਦ੍ਰਿਸ਼ਟੀਕੋਣ ਹਰੇਕ ਵਿਅਕਤੀ ਲਈ ਅਤਿਅੰਤ ਲਾਜ਼ਮੀ ਹੈ। ਸੁੱਤੇ ਪਏ ਮੌਤ ਹੋ ਜਾਣੀ, ਅਚਾਨਕ ਹਾਰਟ ਫ਼ੇਲ ਜਾਂ ਬਰੇਨ ਹੈਮਰੇਜ਼ ਸਹਿਜਤਾ ਦੀ ਘਾਟ ’ਚੋਂ ਉਪਜੀਆਂ ਸਮੱਸਿਆਵਾਂ ਹਨ। ਪੁਸਤਕ ਦਾ ਹਰੇਕ ਲੇਖ ਜ਼ਿੰਦਗੀ ਨੂੰ ਸਲੀਕੇ ਤੇ ਸਹਿਜ-ਮਤੇ ਨਾਲ ਜੀਵਨ ਜਿਊਣ ਬਾਰੇ ਸੁਚੇਤ ਕਰਦਾ ਹੈ। ਡਾ. ਅਮਨਦੀਪ ਨੇ ‘ਸਾਡਾ ਵਿਰਸਾ’ ਨਿਬੰਧ ਰਾਹੀਂ ਸਾਡੇ ਮਹਾਨ ਸੱਭਿਆਚਾਰ ਤੇ ਜਿਊਣ ਦੇ ਸਿੱਧੇ-ਸਾਦੇ ਤਰੀਕੇ ਅਤੇ ਪੌਸ਼ਟਿਕ ਖਾਣ-ਪੀਣ ਬਾਰੇ ਜਾਣੂ ਕਰਵਾਇਆ ਹੈ ਜੋ ਕਿ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਅਸੀਂ ਜੀਭ ਦੇ ਸੁਆਦਾਂ ਰਾਹੀਂ ਬਦਲ ਚੁੱਕੇ ਹਾਂ। ਡਾ. ਅਮਨਦੀਪ ਨੇ ਇਸ ਆਧੁਨਿਕ ਚੇਤਨਾ ਦੇ ਯੁੱਗ ਵਿੱਚ ਵਿਆਹ ਸ਼ਾਦੀ ਮੌਕੇ ਕੁੰਡਲੀਆਂ ਨਹੀਂ ਸਗੋਂ ਸਿਹਤ ਸਮੱਸਿਆਵਾਂ ਬਾਰੇ ਜਾਗਰੂਕਤਾ ਅੱਜ ਦੀ ਲੋੜ ਸਮਝੀ ਹੈ। ਉਹਨਾਂ ਅਨੁਸਾਰ ਦਵਾਈਆਂ ਹੀ ਸਾਰੀਆਂ ਬਿਮਾਰੀਆਂ ਦਾ ਹੱਲ ਨਹੀਂ ਹੁੰਦੀਆਂ ਬਲਕਿ ਸਾਡੀਆਂ ਆਦਤਾਂ, ਪਰਹੇਜ਼ ਤੇ ਸਾਡਾ ਹਾਂ-ਪੱਖੀ ਦ੍ਰਿਸ਼ਟੀਕੋਣ ਬਿਮਾਰੀ ਦੇ ਇਲਾਜ ਲਈ ਵਧੇਰੇ ਜ਼ਰੂਰੀ ਹੈ। ਹੋਮਿਓਪੈਥੀ ਦੇ ਸਿਧਾਂਤ ਅਨੁਸਾਰ ਉਹਨਾਂ ਨੇ ਆਪਣੇ ਦੋ ਲੇਖਾਂ ਵਿੱਚ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਇਲਾਜ ਦੀ ਇਸ ਪ੍ਰਸਿੱਧ ਅਤੇ ਸਰਲ ਪੱਧਤੀ ਬਾਰੇ ਜਾਣਦੇ ਹੀ ਨਹੀਂ। ਲੋਕ ਹੋਮਿਓਪੈਥੀ ਸੰਬੰਧੀ ਬਹੁਤ ਸਾਰੇ ਭਰਮ-ਭੁਲੇਖੇ ਪਾਲ਼ੀ ਬੈਠੇ ਹਨ। ਅਸਲ ਵਿੱਚ ਹੋਮਿਓਪੈਥੀ ਦੇ ਸਿਧਾਂਤ ਮਨ ਦੀਆਂ ਧਾਰਨਾਵਾਂ ਨਾਲ ਸਿੱਧੇ ਤੌਰ ’ਤੇ ਜੁੜੇ ਹਨ। ਕਿਸੇ ਰੋਗ ਦੇ ਇਲਾਜ ਵੇਲੇ ਮਨ ਨੂੰ ਸਮਝਣਾ ਮੁੱਢਲੇ ਤੌਰ ’ਤੇ ਜ਼ਰੂਰੀ ਹੈ।
ਡਾ. ਅਮਨਦੀਪ ਨੇ ਇਸ ਬ੍ਰਹਿਮੰਡ ਦੇ ਬਦਲਦੇ ਵਾਤਾਵਰਨ ਤੋਂ ਪੈਦਾ ਹੋਈਆਂ ਸਮੱਸਿਆਵਾਂ ਨਾਲ ਜੁੜੇ ਛੋਟੇ ਤੋਂ ਛੋਟੇ ਰੋਗ ਤੋਂ ਲੈਕੇ ਖ਼ਤਰਨਾਕ ਮਹਾਂਮਾਰੀ ਅਤੇ ਲਾ-ਇਲਾਜ਼ ਰੋਗਾਂ ਬਾਰੇ ਬੜੇ ਸੁਚੱਜੇ ਢੰਗ ਨਾਲ ਝਾਤ ਪਵਾਈ ਹੈ। ਬਹੁਤ ਸਾਰੀਆਂ ਸੈਕਸ ਸਮੱਸਿਆਵਾਂ, ਯੂਰਿਕ ਏਸਿਡ, ਗ਼ਦੂਦਾਂ ਦੀ ਸਮੱਸਿਆ ਤੇ ਜਾਂ ਫ਼ਿਰ ਉਪਰੇਸ਼ਨ ਕਰਨ ਵਾਲੀਆਂ ਸਥਿਤੀਆਂ ਲਈ ਪੁਸਤਕ ਵਿੱਚ ਸਬੰਧਿਤ ਲੇਖ ਵਿਸ਼ਾਲ ਜਾਣਕਾਰੀ ਪ੍ਰਦਾਨ ਕਰਦੇ ਹਨ। ਯਾਦਦਾਸ਼ਤ ਕਿਉਂ ਕਮਜ਼ੋਰ ਹੋ ਜਾਂਦੀ ਹੈ? ਜਾਂ ਫ਼ਿਰ ਬਿਮਾਰੀਆਂ ਤੋਂ ਬਚਣ ਲਈ ਕੰਮ ਕਰਨ ਦੀ ਆਦਤ ਪਾਓ ਆਦਿ ਲੇਖ ਅੱਜ ਦੀ ਜੀਵਨ-ਸ਼ੈਲੀ ਅਨੁਸਾਰ ਬਿਲਕੁਲ ਢੁਕਵੇਂ ਰੂਪ ਵਿੱਚ ਲਿਖੇ ਹਨ। ਡਾ. ਅਮਨਦੀਪ ਨੇ ਚੰਗੀ ਜੀਵਨ-ਜਾਚ ਲਈ ‘ਸੁਆਦਾਂ ਨੂੰ ਤਿਆਗਣ’ ਦੀ ਸਲਾਹ ਦਿੱਤੀ ਹੈ। ਜੀਭ ਦੇ ਸੁਆਦ ਸਾਡੀ ਸਰੀਰਕ ਤੇ ਮਾਨਸਿਕ ਬਣਤਰ ਤੇ ਡੂੰਘਾ ਅਸਰ ਪਾਉਂਦੇ ਹਨ ਜਿਸ ਕਰਕੇ ਆਦਮੀ ਆਪਣੀ ਉਮਰ ਘਟਾ ਬੈਠਦਾ ਹੈ। ਅੱਜ ਦੇ ਇਸ ਯੁੱਗ ਵਿੱਚ ਵੱਡੀ ਗਿਣਤੀ ਵਿੱਚ ਮੌਤਾਂ ਹਾਰਟ ਫੇਲ ਜਾਂ ਹਾਰਟ ਅਟੈਕ ਨਾਲ ਹੋ ਰਹੀਆਂ ਹਨ। ਪਰ ਅਸਲ ਵਿਚ ਇਸ ਲਈ ਵੀ ਵਿਅਕਤੀ ਖ਼ੁਦ ਹੀ ਜ਼ਿੰਮੇਵਾਰ ਹੈ। ਬਹੁਤ ਵਾਰੀ ਗਲਤ ਜੀਵਨ ਸ਼ੈਲੀ ਲਈ ਹੀ ਮੌਤ ਦਾ ਕਾਰਨ ਹੋ ਨਿੱਬੜਦੀ ਹੈ। ਡਾ. ਸਾਹਿਬ ਨੇ ਆਪਣੇ ਲੇਖ ਦਿਲ ਦਾ ਕੋਈ ਮਾਮਲਾ ਨਹੀਂ ਹੁੰਦਾ ਵਿੱਚ ਬੜੇ ਸੁਚੱਜੇ ਢੰਗ ਨਾਲ ਸਮਝਾਇਆ ਹੈ ਕਿ ਸਭ ਸਮੱਸਿਆਵਾਂ ਮਨ ਦੀ ਹੀ ਉਪਜ ਹਨ। ਦਿਲ ਤਾਂ ਸਰੀਰ ਦਾ ਉਹ ਅਹਿਮ ਅੰਗ ਹੈ ਜੋ ਸਰੀਰ ਵਿੱਚ ਖ਼ੂਨ ਦੇ ਦੌਰੇ ਨੂੰ ਸੰਚਾਲਿਤ ਕਰਦਾ ਹੈ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਇਸ ਪੁਸਤਕ ਰਾਹੀਂ ਸੁਚੱਜੇ ਜੀਵਨ-ਜਾਚ ਦੀ ਪ੍ਰੇਰਨਾ ਦੇਕੇ ਚੰਗੇ ਜਿਊਣ ਦੇ ਢੰਗ ਪੇਸ਼ ਕੀਤੇ ਹਨ। ਵਿਰਸੇ, ਸੱਭਿਆਚਾਰ, ਸੁਭਾਅ, ਆਦਤਾਂ, ਮਨ ਕਿਵੇਂ ਮਨੁੱਖ ਦੇ ਜਿਊਣ ਢੰਗਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸ ਅਮੁੱਲੀ ਕਿਰਤ ਵਿੱਚ ਬੜੇ ਵਿਸਥਾਰ ਨਾਲ ਦੱਸਿਆ ਹੈ। ਅੱਜ ਦੇ ਇਸ ਗੰਧਲੇ ਵਾਤਾਵਰਨ ਵਿੱਚ ਅਜਿਹੇ ਉਪਰਾਲਿਆਂ ਦੀ ਬਹੁਤ ਜ਼ਰੂਰੀ ਲੋੜ ਹੈ। ਡਾ. ਅਮਨਦੀਪ ਸਿੰਘ ਨੇ ਇਸ ‘ਨਿਬੰਧ ਸੰਗ੍ਰਹਿ’ ਰਾਹੀਂ ਵਾਰਤਕਕਾਰਾਂ ਵਿੱਚ ਵੀ ਨਾਮ ਦਰਜ਼ ਕਰਵਾਇਆ ਹੈ ਤੇ ਪੁਸਤਕ ਵਿਚਲੀ ਸਾਰੀ ਜਾਣਕਾਰੀ ਸਮਾਜ ਹਿੱਤ ਲਈ ਪੇਸ਼ ਕਰਕੇ ਉਹਨਾਂ ਨੇ ਆਪਣੇ ਡਾਕਟਰੀ ਪੇਸ਼ੇ ਪ੍ਰਤੀ ਬਣਦੇ ਫ਼ਰਜ਼ ਨੂੰ ਵੀ ਸੁਹਿਰਦਤਾ ਨਾਲ ਨਿਭਾਇਆ ਹੈ।
***
No comments:
Post a Comment